ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਪ੍ਰਿੰ.(ਡਾ.) ਜਗਸੀਰ ਸਿੰਘ ਬਰਾੜ ਦੀ ਯੋਗ ਅਗਵਾਈ ਵਿਚ ਕਾਲਜ ਵਿਖੇ "ਸਮਕਾਲੀ ਪੰਜਾਬੀ ਸਮਾਜ ਦੇ ਉੱਭਰਦੇ ਮਸਲੇ ਅਤੇ ਚੁਣੌਤੀਆਂ" ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿਚ ਕਾਲਜ ਪ੍ਰਿੰ. (ਡਾ.) ਜਗਸੀਰ ਸਿੰਘ ਬਰਾੜ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਡਾ.ਲਖਵਿੰਦਰ ਸਿੰਘ ਜੌਹਲ, ਚੇਅਰਮੈਨ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਲੁਧਿਆਣਾ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਮਕਾਲੀਨ ਪੰਜਾਬੀ ਸਮਾਜ ਦੇ ਵਿਭਿੰਨ ਮੁੱਦਿਆਂ ਅਤੇ ਚੁਣੋਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸ਼ਹਿਰੀਕਰਨ ਦਾ ਪ੍ਰਭਾਵ ਤੇ ਪਰਿਵਾਰਿਕ ਸੰਘਰਸ਼ ਤੇ ਵਿਸਥਾਰ ਪੂਰਵਕ ਚਰਚਾ ਕੀਤੀ। ਸੈਮੀਨਾਰ ਵਿਚ ਸ਼੍ਰੀਮਤੀ ਵਨੀਤਾ ਆਨੰਦ ਆਡੀਸ਼ਨਲ ਪ੍ਰਜੈਕਟ ਡਾਇਰੈਕਟਰ, ਰੂਸਾ, ਪੰਜਾਬ ਨੇ ਪੰਜਾਬੀਆਂ ਦੀ ਪਹਿਚਾਣ ਅਤੇ ਪਰਵਾਸ ਵਰਗੇ ਮੁੱਦਿਆਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ। ਸੈਮੀਨਾਰ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨ ਡਾ.ਅਜੈ ਸਾਹਨੀ, ਕਾਰਜਕਾਰੀ ਡਾਇਰੈਕਟਰ, ਇੰਡਿਅਨ ਇੰਸਟੀਚੁਐਂਟ ਆਫ ਕਨਫਿਲਿਕਟ ਮੈਨਜਮੈਂਟ, ਨਵੀਂ ਦਿੱਲੀ ਨੇ ਪੰਜਾਬੀ ਭਾਸ਼ਾ ਤੇ ਪਹਿਚਾਣ ਨੂੰ ਸੁਰੱਖਿਅਤ ਰੱਖਣ ਲਈ ਸੰਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਤ-ਪਾਤ ਦੇ ਵਿਤਕਰੇ ਨੂੰ ਖਤਮ ਕਰਦਿਆਂ ਪੰਜਾਬ ਦੀ ਨੁਹਾਰ ਨੂੰ ਨਿਖਾਰਣ ਦੀ ਲੋੜ ਹੈ। ਸੈਮੀਨਾਰ ਦੇ ਟੈਕਨੀਕਲ ਸ਼ੈਸ਼ਨ ਦੌਰਾਨ ਡਾ. ਬਲੀ ਬਹਾਦਰ, ਐਸੋਸੀਏਟ ਪ੍ਰੋਫੈਸਰ, ਸ਼ਸ਼ੋਲੋਜੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਨੇ ਸਮਾਜਕ ਅਤੇ ਆਰਥਿਕ ਮੁੱਦਿਆ ਉੱਪਰ ਚਰਚਾ ਕੀਤੀ। ਉਹਨਾਂ ਨੇ ਪੱਛਮੀ ਦੇਸ਼ਾ ਦੇ ਰੀਤੀ-ਰਿਵਾਜਾਂ ਦਾ ਪੰਜਾਬੀ ਸੱਭਿਆਚਾਰ ਤੇ ਤੇਜ਼ੀ ਨਾਲ ਵੱਧ ਰਿਹਾ ਅਸਰ ਬਾਰੇ ਸੰਵਾਦ ਕੀਤਾ। ਡਾ. ਰਾਜਵਿੰਦਰ ਕੌਰ ਬਾਠ , ਅਸਿਸਟੈਂਟ ਪ੍ਰੋਫੈਸਰ, ਸਰਕਾਰੀ ਕਾਲਜ ਦਾਨੇਵਾਲ, ਮਲੋਟ, ਪੰਜਾਬ ਨੇ ਸੈਮੀਨਾਰ ਦੌਰਾਨ ਅਜੋਕਾ ਪੰਜਾਬੀ ਸਮਾਜ ਤੇ ਆਧੁਨਿਕ ਯੁੱਗ ਦੀ ਜੀਵਨ ਸ਼ੈਲੀ ਅਤੇ ਆਦਤਾਂ ਦੇ ਪ੍ਰਭਾਵ ਬਾਰੇ ਸੰਵਾਦ ਕੀਤਾ। ਉਨ੍ਹਾਂ ਮਿੱਟੀ ਅਤੇ ਪਾਣੀ ਪ੍ਰਦੂਸ਼ਣ, ਨੌਜਵਾਨ ਪੀੜ੍ਹੀ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਬਾਰੇ ਚਰਚਾ ਕੀਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਮੱਖਣ ਲਾਲ ਪੱਲਣ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਨੂੰ ਖਤਮ ਕਰਨ ਅਤੇ ਵਿਦਿਆਂ ਨੂੰ ਅਪਣਾਉਣ ਸੰਬੰਧੀ ਚਰਚਾ ਕੀਤੀ। ਸੈਮੀਨਾਰ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ "ਸ੍ਰ. ਗੁਰਦੀਪ ਸਿੰਘ ਜੌਹਲ ਯਾਦਗਾਰੀ ਪੁਰਸਕਾਰ" ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਸ ਵਿੱਚ ਬੀ.ਏ.ਫਾਈਨਲ ਵਿੱਚੋਂ ਫਸਟ ਕਲਾਸ ਫਸਟ ਆਉਣ ਵਾਲੇ ਵਿਦਿਆਰਥੀ ਨੂੰ ਹਰ ਸਾਲ ਜੌਹਲ ਪਰਿਵਾਰ ਵਲੋਂ ਗਿਆਰਾਂ ਹਜ਼ਾਰ ਰੁਪਏ ਨਕਦ ਦਿੱਤੇ ਜਾਇਆ ਕਰਨਗੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ (ਡਾ.) ਜਗਸੀਰ ਸਿੰਘ ਬਰਾੜ ਜੀ ਨੇ ਆਏ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਿਸ਼ੇਸ਼ ਸਰੋਤ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਧੰਨਵਾਦ ਕੀਤਾ ਅਤੇ ਆਪਣੇ ਕੀਮਤੀ ਵਿਚਾਰ ਸਭ ਨਾਲ ਸਾਂਝੇ ਕੀਤੇ। ਸੈਮੀਨਾਰ ਵਿਚ ਇਲਾਕੇ ਦੇ ਦੂਰ-ਦਰਾਡੇ ਤੇ ਹੋਰ ਕਾਲਜ ਅਤੇ ਸਕੂਲਾਂ ਦੇ ਪ੍ਰਿੰਸੀਪਲ, ਵਿਦਿਆਰਥੀਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਜੰਡਿਆਲਾ ਦੇ ਮੌਜੂਦਾ ਸਰਪੰਚ ਕੰਵਲਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।