ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਖੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਹੇਠ ਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਦੇ ਉਪਰਾਲੇ ਤਹਿਤ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਇਸ ਦੇ ਪ੍ਰਸਾਰ ਲਈ ਪ੍ਰੇਰਿਤ ਕਰਨਾ ਸੀ। ਇਸ ਸਮਾਗਮ ਵਿੱਚ ਸ੍ਰੀ ਦੀਪਕ ਬਾਲੀ (ਸਲਾਹਕਾਰ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ.ਵਰਿਆਮ ਸਿੰਘ ਸੰਧੂ (ਭਾਰਤੀ ਸਾਹਿਤ ਅਕਾਦਮੀ ਐਵਾਰਡੀ) ਇਸ ਸਮਾਗਮ ਦੇ ਮੁੱਖ ਵਕਤਾ ਸਨ।ਸ੍ਰੀ ਸਤਨਾਮ ਚਾਨਾ ਅਤੇ ਡਾ.ਜਸਪਾਲ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਆਏ ਹੋਏ ਮਹਿਮਾਨਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਤੇ ਨਿੱਘਾ ਸਵਾਗਤ ਕੀਤਾ । ਉਨ੍ਹਾਂ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀਆਂ ਵਧਾਈਆ ਦਿੱਤੀਆਂ ਅਤੇ ਵਰਤਮਾਨ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਪ੍ਰਸ਼ੰਸਾ ਯੋਗ ਚਾਨਣ ਪਾਇਆ। ਮੁੱਖ ਵਕਤਾ ਡਾ.ਸੰਧੂ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਸੰਬੰਧੀ ਜਾਣੂੰ ਕਰਵਾਉਂਦਿਆਂ ਪੰਜਾਬੀ ਮਾਂ ਬੋਲੀ ਦੀਆਂ ਕਿੱਤਾ ਮੁੱਖੀ ਸੰਭਾਵਨਾਵਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਮਾਂ ਬੋਲੀ ਦੀ ਪ੍ਰਫੁੱਲਿਤਾ ਲਈ ਅਹਿਦ ਵੀ ਲਿਆ। ਸ੍ਰੀ ਦੀਪਕ ਬਾਲੀ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤ ਭਾਸ਼ਾ ਹੀ ਇੱਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਅੰਦਰ ਸਵੈ-ਵਿਸ਼ਵਾਸ, ਸਵੈ-ਮਾਣ ਤੇ ਸਵੈ-ਪਹਿਚਾਣ ਦਾ ਆਧਾਰ ਮਜਬੂਤ ਕਰਦੀ ਹੈ।ਸ੍ਰੀ ਸਤਨਾਮ ਚਾਨਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਅਪੀਲ ਕੀਤੀ। ਡਾ਼ ਜਸਪਾਲ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸਾਰੀਆਂ ਭਾਸ਼ਾਵਾਂ ਖਾਸਕਰ ਮਾਂ ਬੋਲੀ ਵਿੱਚ ਪਰਪੱਕ ਹੋਣ ਦੀ ਗੁਜ਼ਾਰਿਸ਼ ਕੀਤੀ।
ਇਸ ਮੌਕੇ ਕਾਲਜ ਇੰਚਾਰਜ ਜੌਹਲ ਨੇ ਸ੍ਰੀ ਤਰਸੇਮ ਸਿੰਘ, ਸ.ਚਮਕੌਰ ਸਿੰਘ ਸੰਧੂ, ਸ.ਬਲਵਿੰਦਰ ਗਿੱਲ, ਸਾਰੇ ਮਹਿਮਾਨਾਂ, ਵਕਤਾਵਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਵੱਡੀਆਂ ਸ਼ਖਸ਼ੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਅਨਮੁੱਲੇ ਗਿਆਨ ਅਤੇ ਵਿਚਾਰਾਂ ਦੀ ਸਾਂਝ ਵੰਡਣ ਲਈ ਤਹਿ ਦਿਲੋਂ ਸ਼ੁਕਰਾਨਾ ਕੀਤਾ।ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਇਹ ਸਮਾਗਮ ਸਫ਼ਲਤਾ ਪੂਰਵਕ ਸੰਪੰਨ ਹੋਇਆ।ਮੰਚ ਸੰਚਾਲਨ ਡਾ.ਤਰਨਪ੍ਰੀਤ ਕੌਰ (ਪੰਜਾਬੀ ਵਿਭਾਗ) ਨੇ ਕੀਤਾ।
ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ


















